ਪਿੰਡ ਸਕਰੌਦੀ ਵਿਖੇ 9 ਤੋਂ 18 ਸਾਲ ਦੇ ਬੱਚਿਆਂ ਦਾ ਪਹਿਲਾ ਸ਼ਾਨਦਾਰ ਟੂਰਨਾਮੈਂਟ ਕਰਵਾਇਆ

ਭਵਾਨੀਗੜ੍ਹ, 28 ਅਕਤੂਬਰ () : ਬੀਤੇ ਦਿਨ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਰਜਿ. ਵਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਸਕਰੌਦੀ ਵਿਖੇ 9 ਤੋਂ 18 ਸਾਲ ਤੱਕ ਦੇ ਬੱਚਿਆਂ ਦਾ ਪਹਿਲਾ ਸ਼ਾਨਦਾਰ ਖੇਡਾਂ ਦਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ।
ਟੂਰਨਾਮੈਂਟ ਵਿਚ ਲਗਭਗ 300 ਬੱਚਿਆਂ ਨੇ ਵੱਖ ਵੱਖ ਖੇਡਾਂ ਜਿਵੇਂ ਦੌੜਾਂ, ਲੰਬੀ ਛਾਲ, ਨੇਜਾ ਅਤੇ ਪਰੋ-ਕਬੱਡੀ ਵਿਚ ਭਾਗ ਲਿਆ। ਕਲੱਬ ਦੇ ਪ੍ਰਧਾਨ ਜਸਕਰਨ ਸਿੰਘ, ਖਜਾਨਚੀ ਬੰਟੀ ਸਿੱਧੂ ਅਤੇ ਪਿਛਲੇ ਕਈ ਸਾਲਾਂ ਤੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਜੋੜਨ ਦੇ ਲਗਭਗ ਯਤਨ ਕੀਤੇ ਜਾ ਰਹੇ ਹਨ। ਕਲੱਬ ਦੇ ਯਤਨਾਂ ਸਦਕਾ 4 ਬੱਚੇ ਸਟੇਟ ਅਤੇ ਲਗਭਗ 20 ਬੱਚੇ ਜਿਲ੍ਹਾ ਪੱਧਰ ਤੇ ਖੇਡਣ ਵਿਚ ਕਾਮਯਾਬ ਹੋਏ ਹਨ। ਇਸ ਮੌਕੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਬੱਚਿਆਂ ਨੂੰ ਉਤਸਾਹਿਤ ਕਰਦਿਆਂ ਕਿਹਾ ਕਿ ਅਜਿਹੇ ਟੂਰਨਾਮੈਂਟਾਂ ਦੀ ਪਿੰਡਾਂ ਵਿਚ ਵੱਧ ਤੋਂ ਵੱਧ ਲੋੜ ਹੈ। ਉਨ੍ਹਾਂ ਨੇ ਕਲੱਬ ਵਲੋਂ ਰੱਖੀ ਮੰਗ ਨੂੰ ਸਵੀਕਾਰ ਕਰਿਦਆਂ ਛੇਤੀ ਹੀ ਪਿੰਡ ਵਿਚ ਗਰਾਊਂਡ ਬਣਾਉਣ ਅਤੇ ਬੱਚਿਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਉਨ੍ਹਾਂ ਨੇ ਕਲੱਬ ਨੂੰ ਸਹਿਯੋਗ ਰਾਸ਼ੀ ਵੀ ਭੇਂਟ ਕੀਤੀ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ, ਗੱਗੀ ਸਰਪੰਚ, ਗੁਰਮਿੰਦਰ ਸਿੰਘ ਬਬਲਾ ਪੰਚ, ਵਿੱਕੀ ਬਾਜਵਾ, ਹਰਦੀਪ ਮਾਹੀ, ਜਗਤਾਰ ਸਿੰਘ ਸਕਰੌਦੀ, ਅਮਰੀਕ ਸਿੰਘ, ਲਖਵੀਰ ਸਿੰਘ ਕਾਲਾ, ਅਵਤਾਰ ਸਿੰਘ ਤਾਰੀ, ਮਾਸਟਰ ਰਣਧੀਰ ਸਿੰਘ, ਮਾਸਟਰ ਰਣਬੀਰ ਸਿੰਘ, ਦਰਸ਼ਨ ਸਿੰਘ ਸਰਪੰਚ ਦਿੱਤੂਪੁਰ, ਰੁਪਿੰਦਰ ਸਿੰਘ ਅਤੇ ਗ੍ਰਾਮ ਪੰਚਾਇਤ ਸਕਰੌਦੀ ਹਾਜਰ ਰਹੇ।