ਲਓ ਜੀ ਵੱਜ ਗਈ ਖਤਰੇ ਦੀ ਘੰਟੀ, ਜਾਰੀ ਹੋ ਗਿਆ ਪੰਜਾਬ ‘ਚ ਅਲਰਟ !

ਪੰਜਾਬ ਵਾਸੀਆਂ ਲਈ ਬੇਹੱਦ ਚਿੰਤਾ ਭਰੀ ਖ਼ਬਰ ਹੈ ਕਿਉਂਕਿ ਦੀਵਾਲੀ ਦੀ ਰਾਤ ਪੰਜਾਬ ‘ਚ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਆਲਮ ਇਹ ਹੈ ਕਿ ਜ਼ਿਆਦਾਤਰ ਸ਼ਹਿਰਾਂ ‘ਚ ਪ੍ਰਦੂਸ਼ਣ ਆਰੇਂਜ ਅਲਰਟ ‘ਤੇ ਹੈ। ਦੀਵਾਲੀ ਦੇ ਚੱਲਦੇ ਜਦੋਂ ਰਾਤ ਨੂੰ ਪਟਾਕੇ ਚੱਲਣੇ ਸ਼ੁਰੂ ਹੋਏ ਤਾਂ AQI 500 ਨੂੰ ਪਾਰ ਕਰ ਗਿਆ। ਇਥੇ ਚਿੰਤਾ ਇਸ ਗੱਲ ਦੀ ਹੈ ਕਿ ਜਦੋਂ ਏਅਰ ਕੁਆਲਿਟੀ ਇੰਡੈਕਸ (AQI) ਖਤਰੇ ਦੇ ਪੱਧਰ ‘ਤੇ ਪਹੁੰਚ ਜਾਂਦਾ ਹੈ ਤਾਂ ਲੋਕਾਂ ਵਿਚ ਸਿਹਤ ਸਮੱਸਿਆਵਾਂ ਦਾ ਖ਼ਤਰਾ ਵੱਧ ਜਾਂਦਾ ਹੈ। ਪੰਜਾਬ ਸਰਕਾਰ ਨੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਦੀਵਾਲੀ ਮੌਕੇ ਪਟਾਕੇ ਚਲਾਉਣ ਦਾ ਸਮਾਂ ਸੀਮਤ ਕੀਤਾ ਹੈ।
ਹਾਲਾਂਕਿ ਸਰਕਾਰੀ ਹਦਾਇਤਾਂ ਅਨੁਸਾਰ ਦੀਵਾਲੀ ਮੌਕੇ ਪਟਾਕੇ ਚਲਾਉਣ ਦਾ ਸਮਾਂ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਹੀ ਨਿਰਧਾਰਤ ਕੀਤਾ ਗਿਆ ਪਰ ਇਸ ਦੇ ਬਾਵਜੂਦ ਸ਼ਾਮ ਨੂੰ ਪਟਾਕੇ ਸ਼ੁਰੂ ਹੋ ਕੇ ਦੇਰ ਰਾਤ ਤੱਕ ਚੱਲਦੇ ਰਹੇ। ਇਸ ਦੇ ਚੱਲਦੇ ਅੰਮ੍ਰਿਤਸਰ, ਜਲੰਧਰ, ਖੰਨਾ, ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਵਿਚ AQI 400 ਤੋਂ 500 ਦੇ ਵਿਚਕਾਰ ਦਰਜ ਕੀਤਾ ਗਿਆ। ਇੰਨਾ ਹੀ ਨਹੀਂ ਇਨ੍ਹਾਂ ਸ਼ਹਿਰਾਂ ਦਾ ਔਸਤ AQI ਵੀ 200 ਤੋਂ 300 ਦੇ ਵਿਚਕਾਰ ਦਰਜ ਕੀਤਾ ਗਿਆ ਹੈ। ਵੱਡੇ ਸ਼ਹਿਰਾਂ ‘ਚ AQI ਖ਼ਤਰਨਾਕ ਪੱਧਰ ‘ਤੇ ਹੈ।